ਕਾਦੀਆਂ (ਜ਼ੀਸ਼ਾਨ) – ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਐਸੋਸੀਏਟ ਪ੍ਰੋਫੈਸਰ ਤੇ ਪੰਜਾਬ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਅਹੁਦਾ ਸੰਭਾਲ ਲਿਆ ਹੈ।

ਡਾ. ਹਰਪ੍ਰੀਤ ਸਿੰਘ ਹੁੰਦਲ ਲਗਭਗ 27 ਸਾਲ ਤੋਂ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਅਧਿਐਨ ਤੇ ਅਧਿਆਪਨ ਦਾ ਤਜਰਬਾ ਰੱਖਦੇ ਹਨ। ਸਿੱਖ ਨੈਸ਼ਨਲ ਕਾਲਜ ਕਾਦੀਆਂ ਅੰਦਰ ਆਪ ਬਤੌਰ ਅਸਿਸਟੈਂਟ ਪ੍ਰਫੈਸਰ ਵਜੋਂ ਸਾਲ 2004 ਵਿਚ ਨਿਯੁਕਤ ਹੋਏ ਹਨ। ਇਸ ਉਪਰੰਤ ਐਸੋਸੀਏਟ ਪ੍ਰੋਫੈਸਰ ਤੇ ਪੰਜਾਬੀ ਵਿਭਾਗ ਦੇ ਮੁਖੀ ਦੇ ਨਾਲ – ਨਾਲ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਇੰਚਾਰਜ ਵਜੋਂ ਪਿਛਲੇ ਸਮੇ ਤੋਂ ਸੇਵਾਵਾਂ ਨਿਭਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮੌਜੂਦਾ ਸੈਨੇਟ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੈਨੇਟ ਮੈਂਬਰ ਤੋਂ ਇਲਾਵਾ ਯੂਨੀਵਰਸਿਟੀ ਦੀ ਬੋਰਡ ਆਫ ਸਟੱਡੀਜ਼ ਦੇ ਮੈਂਬਰ ਵੀ ਹਨ। ਅਕਾਦਮਿਕ ਖੇਤਰ ਦੀ ਸੇਵਾ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ ਹਨ।

ਡਾ. ਹੁੰਦਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਬੰਧਕ ਬੋਰਡ ਦੇ ਮੈਂਬਰ ਵਜੋਂ ਕਾਰਜ ਕਰਦੇ ਰਹੇ ਹਨ। ਸਾਲ 1997 ਵਿਚ ‘ਪੰਜਾਬ ਸੰਕਟ ਤੇ ਪੰਜਾਬੀ ਕਵਿਤਾ’ ਵਿਸ਼ੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਉਪਾਧੀ ਹਾਸਿਲ ਕਰਨ ਉਪਰੰਤ ਪੰਜਾਬ ਸਾਹਿਤ ਤੇ ਭਾਸ਼ਾ ਨਾਲ ਜੁੜੇ ਵੱਖ – ਵੱਖ ਵਿਸ਼ਿਆਂ ਨਾਲ ਛੇ ਮੌਲਿਕ ਪੁਸਤਕਾਂ ਤੇ ਅੱਠ ਦੇ ਕਰੀਬ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁਕੇ ਹਨ। ਵੱਖ – ਵੱਖ ਵਿਚਾਰ – ਗੋਸ਼ਟੀਆਂ ਸੈਮੀਨਾਰਾਂ, ਕਾਨਫਰੰਸਾਂ ਚ ਖੋਜ – ਪੱਤਰ ਪੇਸ਼ ਕਰਦੇ ਰਹੇ ਹਨ।
ਇਸ ਨਿਯੁਕਤੀ ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਸ. ਗੁਰਦੇਵ ਸਿੰਘ ਬਰਾੜ, ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ. ਬਾਲਚਰਨਜੀਤ ਸਿੰਘ ਭਾਟੀਆ ਤੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਹੈ।
