ਕਾਂਗਰਸ ਵਰਕਿੰਗ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਸੋਨੀਆ ਗਾਂਧੀ ਅਗਲੀ ਵਿਵਸਥਾ ਹੋਣ ਤੱਕ ਅੰਤਰਿਮ ਪ੍ਰਧਾਨ ਬਣੇ ਰਹਿਣਗੇ।
ਪਾਰਟੀ ਵਰਕਿੰਗ ਕਮੇਟੀ ਦੇ ਮੈਂਬਰ ਪੀਐਲ ਪੁਨੀਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਕਾਂਗਰਸ ਦਾ ਅਗਲਾ ਸੈਸ਼ਨ ਛੇ ਮਹੀਨੇ ਦੇ ਅੰਦਰ ਸੱਦਿਆ ਜਾ ਸਕਦਾ ਹੈ ਅਤੇ ਉਸ ਵੇਲੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ, ਕਾਂਗਰਸ ਪਾਰਟੀ ਦੀ ਮਾੜੀ ਹਾਲਾਤ ਬਰਕਰਾਰ ਹੈ ਅਤੇ ਉਦੋਂ ਤੋਂ ਹੀ ਪਾਰਟੀ ਆਪਣੀ ਵਾਪਸੀ ਨਹੀਂ ਕਰ ਸਕੀ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਰਾਹੁਲ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਕਈ ਦਿਨਾਂ ਤੱਕ ਅਹੁਦਾ ਖਾਲੀ ਰਹਿਣ ਮਗਰੋਂ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ।
ਇਸ ਤੋਂ ਪਹਿਲਾਂ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਦੌਰਾਨ ਹਾਹੁਲ ਗਾਂਧੀ ਦੇ ਇੱਕ ਕਥਿਤ ਬਿਆਨ ਨੂੰ ਲੈ ਕੇ ਵੱਡੇ ਆਗੂਆਂ ਨੇ ਸਫਾਈ ਅਤੇ ਖੰਡਨ ਦੇ ਬਿਆਨ ਜਾਰੀ ਕੀਤੇ।
ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਜਿਹਾ ਬਿਲਕੁਲ ਨਹੀਂ ਕਿਹਾ ਕਿ ਕਾਂਗਰਸ ਦੇ ਜਿਨ੍ਹਾਂ ਆਗੂਆਂ ਨੇ ਪਾਰਟੀ ਵਿੱਚ ਸੁਧਾਰਾਂ ਲਈ ਚਿੱਠੀ ਲਿਖੀ ਉਨ੍ਹਾਂ ਦੀ ਭਾਜਪਾ ਨਾਲ ਮਿਲੀ ਭੁਗਤ ਨਹੀਂ ਹੈ।
ਗੁਲਾਮ ਨਬੀ ਆਜ਼ਾਦ ਤੋਂ ਪਹਿਲਾਂ ਪਾਰਟੀ ਨੇਤਾ ਕਪਿਲ ਸਿੱਬਲ ਨੇ ਰਾਹੁਲ ਗਾਂਧੀ ਦੀ ਕਥਿਤ ਟਿੱਪਣੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਪਹਿਲਾਂ ਕਰੜਾ ਇਤਰਾਜ਼ ਜਤਾਇਆ ਅਤੇ ਫਿਰ ਉਸ ਟਵੀਟ ਨੂੰ ਇਹ ਕਹਿੰਦੇ ਹੋਏ ਵਾਪਸ ਲੈ ਲਿਆ ਕਿ ਰਾਹੁਲ ਗਾਂਧੀ ਨੇ ਅਜਿਹਾ ਕੁਝ ਨਹੀਂ ਕਿਹਾ।

ਕਪਿਲ ਸਿੱਬਲ ਨੇ ਨਾਰਾਜ਼ਗੀ ਜਤਾਈ ਸੀ
ਮੀਡੀਆ ਰਿਪੋਰਟਾਂ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜਿਨ੍ਹਾਂ ਕਾਂਗਰਸੀਆਂ ਨੇ ਪਾਰਟੀ ਵਿੱਚ ਸੁਧਾਰ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਉਹ ਭਾਜਪਾ ਨਾਲ ਮਿਲੇ ਹੋਏ ਹਨ।
ਹਾਲਾਂਕਿ ਕਾਂਗਰਸ ਨੇ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ ਅਜਿਹੀ ਕੋਈ ਟਿੱਪਣੀ ਕੀਤੀ ਹੈ। ਰਾਹੁਲ ਗਾਂਧੀ ਦੀ ਇਸ ਕਥਿਤ ਟਿੱਪਣੀ ਉੱਤੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸਖ਼ਤ ਇਤਰਾਜ਼ ਜਤਾਇਆ ਸੀ।
ਕਪਿਲ ਸਿੱਬਲ ਨੇ ਟਵੀਟ ਕਰਕੇ ਕਿਹਾ, “ਰਾਹੁਲ ਗਾਂਧੀ ਕਹਿੰਦੇ ਹਨ ਕਿ ਅਸੀਂ ਭਾਜਪਾ ਨਾਲ ਮਿਲੇ ਹੋਏੇ ਹਾਂ। ਰਾਜਸਥਾਨ ਹਾਈ ਕੋਰਟ ਵਿੱਚ ਕਾਂਗਰਸ ਦਾ ਬਚਾਅ ਕੀਤਾ ਸੀ। ਮਣੀਪੁਰ ਵਿੱਚ ਭਾਜਪਾ ਦੀ ਸਰਕਾਰ ਡਿਗਾਉਣ ਲਈ ਪਾਰਟੀ ਦਾ ਬਚਾਅ ਵੀ ਕੀਤਾ।”
“ਪਿਛਲੇ 30 ਸਾਲਾਂ ਵਿੱਚ ਕਦੇ ਵੀ ਕਿਸੇ ਵੀ ਮੁੱਦੇ ਉੱਤੇ ਭਾਜਪਾ ਦੇ ਪੱਖ ਵਿੱਚ ਬਿਆਨ ਨਹੀਂ ਦਿੱਤਾ ਹੈ। ਫਿਰ ਵੀ ਸਾਡੀ ਭਾਜਪਾ ਨਾਲ ਮਿਲੀਭੁਗਤ ਹੈ।”
ਰਣਦੀਪ ਸਿੰਘ ਸੁਰਜੇਵਾਲਾ ਨੇ ਕਪਿਲ ਸਿੱਬਲ ਦੀ ਇਸ ਟਿੱਪਣੀ ਨੂੰ ਰੀਟਵੀਟ ਕਰਕੇ ਕਿਹਾ ਕਿ ਮੀਡੀਆ ਵਿੱਚ ਰਾਹੁਲ ਗਾਂਧੀ ਨੂੰ ਲੈ ਕੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਹ ਰਾਹੁਲ ਗਾਂਧੀ ਨੇ ਨਹੀਂ ਕੀਤੀਆਂ ਹਨ।
ਇਸ ਤੋਂ ਬਾਅਦ ਕਪਿਲ ਸਿੱਬਲ ਨੇ ਇੱਕ ਹੋਰ ਟਵੀਟ ਕੀਤਾ। ਸਿੱਬਲ ਦੇ ਦੂਜੇ ਟਵੀਟ ਵਿੱਚ ਕਿਹਾ, ”ਮੈਨੂੰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ ਜਿਵੇਂ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ। ਮੈਂ ਆਪਣਾ ਉਹ ਟਵੀਟ ਵਾਪਸ ਲੈਂਦਾ ਹਾਂ।”
ਉੱਧਰ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਅਜਿਹਾ ਨਹੀਂ ਕਿਹਾ ਕਿ ਕਾਂਗਰਸ ਦੇ ਜਿਨ੍ਹਾਂ ਆਗੂਆਂ ਨੇ ਪਾਰਟੀ ਵਿੱਚ ਸੁਧਾਰਾਂ ਲਈ ਚਿੱਠੀ ਲਿਖੀ ਉਨ੍ਹਾਂ ਦੀ ਭਾਜਪਾ ਨਾਲ ਮਿਲੀਭੁਗਤ ਹੈ।
ਅਗਵਾਈ ਦੇ ਮੁੱਦੇ ‘ਤੇ ਘਮਸਾਨ
ਪਾਰਟੀ ਅਗਵਾਈ ਦੇ ਮੁੱਦੇ ਉੱਤੇ ਵੰਡੀ ਗਈ ਹੈ। ਪਾਰਟੀ ਦਾ ਇੱਕ ਹਿੱਸਾ ਸਮੂਹਿਕ ਅਗਵਾਈ ਦੀ ਮੰਗ ਕਰ ਰਿਹਾ ਹੈ ਤਾਂ ਦੂਜੇ ਪਾਸੇ ਦੂਜਾ ਧਿਰ ਨਹਿਰੂ-ਗਾਂਧੀ ਪਰਿਵਾਰ ਵਿੱਚ ਆਪਣਾ ਵਿਸ਼ਵਾਸ ਫਿਰ ਜਤਾ ਰਿਹਾ ਹੈ।
ਬੀਤੇ ਦਿਨ ਕਾਂਗਰਸ ਦੇ ਕਰੀਬ ਦੋ ਦਰਜਨ ਸੀਨੀਅਰ ਆਗੂਆਂ ਵੱਲੋਂ ਸੋਨੀਆ ਗਾਂਧੀ ਨੂੰ ਸੀਨੀਅਰ ਲੀਡਰਸ਼ਿਪ ਵਿੱਚ ਬਦਲਾਅ ਕਰਨ ਦੀ ਮੰਗ ਵਾਲੀ ਚਿੱਠੀ ਲਿਖੀ ਗਈ ਸੀ ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਨੀਆ ਗਾਂਧੀ ਨੂੰ ਅੰਤਰਮਿ ਪ੍ਰਧਾਨ ਬਣਾਏ ਜਾਣ ਦੇ ਕਦਮ ਦਾ ਸੁਆਗਤ ਕੀਤਾ ਹੈ।
ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਕਥਿਤ ਚਿੱਠੀ ਬਾਰੇ ਵੀ ਕੈਪਟਨ ਨੇ ਬਿਆਨ ਜਾਰੀ ਕਰਕੇ ਕਿਹਾ, ”ਇਹ ਸ਼ਰਮਨਾਕ ਅਤੇ ਅਸਹਿਣਯੋਗ ਹੈ, ਮੁੱਦਿਆਂ ਨੂੰ ਸੁਲਝਾਉਣ ਦੇ ਹੋਰ ਤਰੀਕੇ ਵੀ ਹਨ।”
ਇਸ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁੰਦੇ ਹਨ, ਪ੍ਰਧਾਨਗੀ ਦੇ ਅਹੁਦੇ ‘ਤੇ ਰਹਿਣ ਅਤੇ ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਇਹ ਅਹੁਦਾ ਸੰਭਾਲਣਾ ਚਾਹੀਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸਮਰੱਥ ਹਨ।

ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ “ਜੇ ਪਾਰਟੀ ਦੇ 23 ਨੇਤਾਵਾਂ ਦੇ ਕਾਰਜਕਾਰੀ ਚੇਅਰਮੈਨ ਨੂੰ ਪੱਤਰ ਲਿੱਖਣ ਵਾਲੀ ਗੱਲ ਸਹੀ ਹੈ ਤਾਂ ਇਹ ਅਵਿਸ਼ਵਾਸ਼ਯੋਗ ਹੈ। ਇਹ ਮੰਦਭਾਗਾ ਹੈ ਅਤੇ ਇਸ ਲਈ ਮੀਡੀਆ ਕੋਲ ਜਾਣ ਦੀ ਜ਼ਰੂਰਤ ਨਹੀਂ ਸੀ।”
ਪੱਛਮੀ ਬੰਗਾਲ ਤੋਂ ਕਾਂਗਰਸ ਦੇ ਵਿਧਾਇਕ ਬੀ. ਮਨੀਕਰਾਮ ਟੈਗੋਰ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ, “ਪਾਰਟੀ ਨੂੰ ਤੁਹਾਡੀ ਅਗਵਾਈ ‘ਤੇ ਪੂਰਾ ਭਰੋਸਾ ਹੈ ਅਤੇ ਪਾਰਟੀ ਤੁਹਾਡੇ ਅਤੇ ਰਾਹੁਲ ਗਾਂਧੀ ਦੇ ਹੱਥ ‘ਚ ਸੁਰੱਖਿਅਤ ਰਹੇਗੀ।”

ਕਿਉਂ ਉੱਠਿਆ ਵਿਵਾਦ?
ਪੀਟੀਆਈ ਦੀ ਖ਼ਬਰ ਅਨੁਸਾਰ ਕਰੀਬ ਦੋ ਦਰਜਨ ਕਾਂਗਰਸੀ ਲੀਡਰ ਜਿਨ੍ਹਾਂ ਵਿੱਚ ਕੁਝ ਸਾਬਕਾ ਮੰਤਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪਾਰਟੀ ਵਿੱਚ ਵੱਡੇ ਬਦਲਾਅ ਦੀ ਮੰਗ ਕੀਤੀ।
ਰਾਹੁਲ ਗਾਂਧੀ ਦੇ ਕਰੀਬੀ ਸਾਥੀਆਂ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਚਿੱਠੀ ਲਿਖ ਕੇ ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ।
ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਇਹ ਚਿੱਠੀ ਕੁਝ ਹਫ਼ਤਿਆਂ ਪਹਿਲਾਂ ਲਿਖੀ ਗਈ ਹੈ।
ਇਨ੍ਹਾਂ ਆਗੂਆਂ ਨੇ ਪਾਰਟੀ ਵਿੱਚ 1970ਵਿਆਂ ਵਿੱਚ ਬਣੇ ਪਾਰਲੀਮਾਨੀ ਬੋਰਡ ਨੂੰ ਮੁੜ ਸਥਾਪਿਤ ਕਰਨ ਦੀ ਗੱਲ ਕੀਤੀ ਹੈ।
ਚਿੱਠੀ ਵਿੱਚ ਇੱਕ ਪੱਕੇ ਤੌਰ ਉੱਤੇ ਐਕਟਿਵ ਕੰਮ ਕਰਨ ਵਾਲੀ ਲੀਡਰਸ਼ਿਪ ਸਥਾਪਿਤ ਕਰਨ ਦੀ ਵੀ ਗੱਲ ਕੀਤੀ ਗਈ ਹੈ।
ਪਾਰਟੀ ਵਿੱਚ ਸੁਧਾਰ ਦੇ ਹਮਾਇਤੀ ਆਗੂਆਂ ਨੇ ਬਲਾਕ ਤੋਂ ਵਰਕਿੰਗ ਕਮੇਟੀ ਤੱਕ ਪਾਰਦਰਸ਼ੀ ਚੋਣ ਪ੍ਰਕਿਰਿਆ ਲਾਗੂ ਕਰਨ ਦੀ ਵੀ ਗੱਲ ਕੀਤੀ ਹੈ।

ਕਿਸ ਨੇ ਕੀਤੇ ਪੱਤਰ ‘ਤੇ ਹਸਤਾਖ਼ਰ?
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਇਸ ਪੱਤਰ ‘ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਵਿਵੇਕ ਤਨਖਾ ਦੇ ਦਸਤਖ਼ਤ ਹਨ।
ਇਨ੍ਹਾਂ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ, ਸੀਡਬਲਯੂਸੀ ਦੇ ਮੈਂਬਰ ਮੁਕੁਲ ਵਾਸਨਿਕ, ਜਿਤਿਨ ਪ੍ਰਸਾਦ, ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਐਮ ਵੀਰੱਪਾ ਮੋਇਲੀ, ਪ੍ਰਿਥਵੀ ਰਾਜ ਚਵਾਨ, ਪੀਜੇ ਕੁਰੀਅਨ, ਅਜੈ ਸਿੰਘ, ਰੇਣੁਕਾ ਚੌਧਰੀ, ਮਿਲਿੰਦ ਦੇਵੜਾ, ਸਾਬਕਾ ਪੀਸੀਸੀ ਚੀਫ਼ ਰਾਜ ਬੱਬਰ, ਅਰਵਿੰਦਰ ਸਿੰਘ ਲਵਲੀ, ਕੌਲ ਸਿੰਘ ਠਾਕੁਰ, ਬਿਹਾਰ ਦੇ ਮੁੱਖ ਚੋਣ ਪ੍ਰਚਾਰਕ ਅਖਿਲੇਸ਼ ਪ੍ਰਸਾਦ ਸਿੰਘ, ਹਰਿਆਣਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ, ਦਿੱਲੀ ਦੇ ਸਾਬਕਾ ਸਪੀਕਰ ਯੋਗਾਨੰਦ ਸ਼ਾਸਤਰੀ, ਸਾਬਕਾ ਸੰਸਦ ਸੰਦੀਪ ਦੀਕਸ਼ਿਤ ਨੇ ਵੀ ਇਸ ਪੱਤਰ ਉੱਤੇ ਦਸਤਖ਼ਤ ਕੀਤੇ ਹਨ।